ਲਾਲ ਕਿਲ੍ਹੇ ਤੋਂ ਸ਼ਬਦਾਂ ਦਾ - TopicsExpress



          

ਲਾਲ ਕਿਲ੍ਹੇ ਤੋਂ ਸ਼ਬਦਾਂ ਦਾ ਰੰਗੀਨ ਜਾਲ ਨਵੀਂ ਦਿੱਲੀ, 16 ਅਗੱਸਤ : ਅਪਣੀ ਨਵੀਂ ਸਰਕਾਰ ਲਈ ਕੌਮੀ ਏਜੰਡਾ ਤੈਅ ਕਰਨ ਦੇ ਮਕਸਦ ਨਾਲ ਦਿਤੇ ਆਜ਼ਾਦੀ ਦਿਹਾੜੇ ਦੇ ਲਾਲ ਕਿਲ੍ਹੇ ਦੇ ਰਵਾਇਤੀ ਭਾਸ਼ਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਭਾਰਤੀ ਪਰਵਾਰ ਦਾ ਬੈਂਕ ਖਾਤਾ ਖੋਲ੍ਹਣ ਦੀ ਯੋਜਨਾ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਹੋਰ ਕਈ ਯੋਜਨਾਵਾਂ ਦਾ ਵੀ ਐਲਾਨ ਕੀਤਾ। ਉਨ੍ਹਾਂ ਭਾਰਤ ਵਿਚ ਆਉ ਤੇ ਇਥੇ ਮਾਲ ਤਿਆਰ ਕਰੋ ਦਾ ਨਾਅਰਾ ਦਿੰਦਿਆਂ ਵਿਦੇਸ਼ੀ ਕੰਪਨੀਆਂ ਨੂੰ ਦੇਸ਼ ਵਿਚ ਖੁਲ੍ਹ ਕੇ ਨਿਵੇਸ਼ ਕਰਨ ਅਤੇ ਉਤਪਾਦ ਬਣਾਉਣ ਲਈ ਕਿਹਾ। ਆਰਥਕ ਮਾਹਰ ਸਵਾਲ ਕਰਦੇ ਹਨ ਕਿ ਇਸ ਤੋਂ ਪਹਿਲਾਂ ਇਸ ਵਾਸਤੇ ਦੇਸ਼ ਵਿਚ ਸੁਖਾਵਾਂ ਆਰਥਕ ਮਾਹੌਲ ਬਣਾਉਣਾ ਪਵੇਗਾ। ਜੇ ਕੰਪਨੀਆਂ ਇਥੇ ਸਮਾਨ ਬਣਾਉਣਗੀਆਂ ਤਾਂ ਬਦਲੇ ਵਿਚ ਲੈ ਕੇ ਵੀ ਬਹੁਤ ਕੁੱਝ ਜਾਣਗੀਆਂ। ਸਿਰਫ਼ ਨਾਅਰੇ ਦੇਣ ਨਾਲ ਹੀ ਗੱਲ ਨਹੀਂ ਬਣਨੀ। ਮਾਹਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੇ ਅਪਣੇ ਭਾਸ਼ਣ ਵਿਚ ਵੱਡੀਆਂ-ਵੱਡੀਆਂ ਗੱਲਾਂ ਜ਼ਿਆਦਾ ਕੀਤੀਆਂ ਹਨ ਜਿਨ੍ਹਾਂ ਵਿਚੋਂ ਕੁੱਝ ਤੇ ਅਮਲ ਹੋਣਾ ਮੁਸ਼ਕਲ ਹੈ। ਮਿਸਾਲ ਦੇ ਤੌਰ ਤੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਹਰ ਕਿਸੇ ਦਾ ਬੈਂਕ ਖਾਤਾ ਖੁਲ੍ਹਣ ਨਾਲ ਕਈ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਸਬਸਿਡੀ ਸਿੱਧੀ ਬੈਂਕ ਖਾਤੇ ਵਿਚ ਜਾਵੇਗੀ। ਮਾਹਰ ਇਸ ਯੋਜਨਾ ਤੇ ਸਵਾਲ ਖੜੇ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਇਸ ਵੇਲੇ 40 ਫ਼ੀ ਸਦੀ ਭਾਰਤੀ ਪਰਵਾਰਾਂ ਕੋਲ ਬੈਂਕ ਖਾਤੇ ਨਹੀਂ ਹਨ। ਉਘੇ ਆਰਥਕ ਮਾਹਰ ਸੁਜਾਨ ਹਾਜਰਾ ਪੁਛਦੇ ਹਨ ਕਿ ਕੀ ਹਰ ਕਿਸੇ ਦਾ ਬੈਂਕ ਖਾਤਾ ਖੁਲ੍ਹਣ ਨਾਲ ਚੰਗੀਆਂ ਨੌਕਰੀਆਂ ਦੀ ਘਾਟ ਖ਼ਤਮ ਹੋ ਸਕਦੀ ਹੈ ਅਤੇ ਚੰਗਾ ਮਿਹਨਤਾਨਾ ਯਕੀਨੀ ਬਣ ਸਕਦਾ ਹੈ? ਜਿਹੜੇ ਗ਼ਰੀਬ ਭਾਰਤੀਆਂ ਲਈ ਹਾਲੀਆ ਸਾਲਾਂ ਵਿਚ ਬੈਂਕ ਖਾਤੇ ਖੋਲ੍ਹੇ ਗਏ ਹਨ, ਉਹ ਬੇਕਾਰ ਹੋ ਕੇ ਰਹਿ ਗਏ ਹਨ। ਮਾਹਰ ਕਹਿੰਦੇ ਹਨ ਕਿ ਇਹ ਬੜਾ ਔਖਾ ਟੀਚਾ ਹੈ। ਬੈਂਕਿੰਗ ਪ੍ਰਬੰਧ ਦਾ ਵਿਸਤਾਰ ਕਰਨਾ ਰਿਜ਼ਰਵ ਬੈਂਕ ਦਾ ਪੁਰਾਣਾ ਟੀਚਾ ਰਿਹਾ ਹੈ ਪਰ ਇਹ ਹਾਲੇ ਤਕ ਸੰਭਵ ਨਹੀਂ ਹੋ ਸਕਿਆ। ਪ੍ਰਧਾਨ ਮੰਤਰੀ ਨੇ ਕੁੜੀਆਂ ਦੀ ਘਟ ਰਹੀ ਗਿਣਤੀ ਤੇ ਵੀ ਚਿੰਤਾ ਜ਼ਾਹਰ ਕੀਤੀ। ਕਈ ਮਾਹਰਾਂ ਨੇ ਕਿਹਾ ਕਿ ਅਜਿਹੀ ਚਿੰਤਾ ਪਿਛਲੇ ਪ੍ਰਧਾਨ ਮੰਤਰੀ ਨੇ ਵੀ ਕਈ ਵਾਰ ਜ਼ਾਹਰ ਕੀਤੀ ਸੀ ਪਰ ਚਿੰਤਾ ਜ਼ਾਹਰ ਕਰਨ ਨਾਲ ਹੀ ਕੁੱਝ ਨਹੀਂ ਹੋਣ ਵਾਲਾ। ਸਰਕਾਰ ਚਾਹੇ ਤਾਂ ਕੁੱਝ ਸਮੇਂ ਵਿਚ ਅੰਦਰ ਇਸ ਗੰਭੀਰ ਸਮੱਸਿਆ ਦਾ ਹੱਲ ਕਰ ਸਕਦੀ ਹੈ। (ਪੀ.ਟੀ.ਆਈ.)
Posted on: Sun, 17 Aug 2014 09:40:36 +0000

Trending Topics



Recently Viewed Topics




© 2015